ਜ਼ਮੀਨੀ ਰਿਕਾਰਡ ਸਬੰਧੀ ਪਾਰਦਰਸ਼ਤਾ ਅਤੇ ਸੂਚਨਾ ਨੂੰ ਮਹਿਜ਼ ਇੱਕ ਫੋਨ ਕਾਲ ’ਤੇ ਉਪਲਬਧ ਕਰਾਉਣਾ ਸਰਕਾਰ ਦਾ ਨਿਵੇਕਲਾ ਉੱਦਮ : ਐਸ.ਡੀ.ਐਮ. ਬਟਾਲਾ

0
844

ਜ਼ਮੀਨ ਅਤੇ ਜਾਇਦਾਦ ਸਬੰਧੀ ਸਮੂਹ ਸੇਵਾਵਾਂ ਲਈ ਡਾਇਲ 168 ਜਾਂ 1800-1800-168 ਟੋਲ ਫ਼ਰੀ ਹੈਲਪ ਲਾਈਨ ਦੀ ਸ਼ੁਰੂਆਤ

ਬਟਾਲਾ, 11 ਅਗਸਤ ( ਯੂਵੀ ਸਿੰਘ ਮਾਲਟੂ )- ਪੰਜਾਬ ਸਰਕਾਰ ਨੇ ਜ਼ਮੀਨੀ ਰਿਕਾਰਡ ਸਬੰਧੀ ਪਾਰਦਰਸ਼ਤਾ ਅਤੇ ਸੂਚਨਾ ਨੂੰ ਮਹਿਜ਼ ਇੱਕ ਫੋਨ ਕਾਲ ’ਤੇ ਉਪਲਬਧ ਕਰਾਉਣ ਦਾ ਨਿਵੇਕਲਾ ਉਦਮ ਕਰਦਿਆਂ ਇੱਕ ਵਿਆਪਕ ਹੈਲਪ ਲਾਈਨ (ਡਾਇਲ 168 ਜਾਂ 1800-1800-168) ਸ਼ੁਰੂ ਕੀਤੀ ਹੈ। ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਸ਼ੁਰੂ ਕੀਤੀ ਗਈ ਇਹ ਹੈਲਪ ਲਾਈਨ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਨਾਲ ਮਾਲ ਵਿਭਾਗ ਦੇ ਕੰਮ ਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਸ਼ਤਾ ਲਿਆਵੇਗੀ। ਇਸ ਹੈਲਪ ਲਾਈਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐਮ. ਬਟਾਲਾ ਸ. ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਮਾਲ ਵਿਭਾਗ ਦੀ ਇਸ ਹੈਲਪ ਲਾਈਨ ਰਾਹੀਂ ਜ਼ਮੀਨ ਅਤੇ ਜਾਇਦਾਦ ਨਾਲ ਸਬੰਧਤ ਸਾਰੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।ਐੱਸ.ਡੀ.ਐੱਮ. ਸ. ਸਕੱਤਰ ਸਿੰਘ ਬੱਲ ਨੇ ਅੱਗੇ ਦੱਸਿਆ ਕਿ ਉਕਤ ਹੈਲਪ ਲਾਈਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਪਹਿਲੇ ਹਿੱਸੇ ਵਿੱਚ ਜ਼ਮੀਨੀ ਰਿਕਾਰਡ ਅਤੇ ਜਾਇਦਾਦਾਂ ਦੀ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ, ਦੂਸਰੇ ਹਿੱਸੇ ਵਿੱਚ ਕੋਈ ਵੀ ਵਿਅਕਤੀ ਇੱਕ ਫੋਨ ਕਾਲ ਜ਼ਰੀਏ ਮਾਲ ਵਿਭਾਗ ’ਚ ਵਿਚਾਰ ਅਧੀਨ ਮਾਮਲਿਆਂ ਬਾਰੇ ਤਾਜ਼ਾ ਜਾਣਕਾਰੀ, ਵਿਭਾਗ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦੇ ਨਿਪਟਾਰੇ ਬਾਰੇ ਜਾਣਕਾਰੀ ਤੋਂ ਇਲਾਵਾ ਇੰਤਕਾਲ, ਖ਼ਸਰਾ ਗਰਦਾਵਰੀ ਦੀ ਤਬਦੀਲੀ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਸੂਚਨਾ ਲੈ ਸਕੇਗਾ। ਇਸੇ ਤਰਾਂ ਤੀਸਰੇ ਹਿੱਸੇ ਵਿੱਚ ਕੋਈ ਵੀ ਵਿਅਕਤੀ ਮਾਲ ਵਿਭਾਗ ਜਾਂ ਕਿਸੇ ਮਾਲ ਅਧਿਕਾਰੀ ਬਾਰੇ ਸ਼ਿਕਾਇਤ ਦਰਜ਼ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਹੈਲਪ ਲਾਈਲ ’ਤੇ ਫੋਨ ਕਰਨ ਵਾਲੇ ਹਰ ਵਿਅਕਤੀ ਨੂੰ ਇੱਕ ਨਿਵੇਕਲਾ ਨੰਬਰ ਦਿੱਤਾ ਜਾਵੇਗਾ ਅਤੇ ਉਸ ਵਲੋਂ ਲੋੜੀਂਦੀ ਜਾਣਕਾਰੀ ਨਿਰਧਾਰਿਤ ਸਮੇਂ ਦੌਰਾਨ ਪ੍ਰਦਾਨ ਕੀਤੀ ਜਾਵੇਗੀ। ਇਹ ਹੈਲਪ ਲਾਈਨ ਦੇਸ਼ ਭਰ ਅੰਦਰ ਸਵੇਰੇ ਸੱਤ ਤੋਂ ਸ਼ਾਮ ਸੱਤ ਵਜੇ ਤੱਕ ਉਪਲਬਧ ਹੋਵੇਗੀ ਅਤੇ ਪਰਵਾਸੀ ਸ਼ਿਕਾਇਤ ਕਰਤਾਵਾਂ ਲਈ ਇਹ ਦਿਨ ਰਾਤ ਉਪਲਬਧ ਹੋਵੇਗੀ। ਐੱਸ.ਡੀ.ਐੱਮ. ਸ. ਸਕੱਤਰ ਸਿੰਘ ਬੱਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਜ਼ਮੀਨੀ ਰਿਕਾਰਡ ਸਬੰਧੀ ਸੂਚਨਾ ਜਾਂ ਮਾਲ ਵਿਭਾਗ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਡਾਇਲ 168 ਜਾਂ 1800-1800-168 ਟੋਲ ਫਰੀ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।