ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ 2 ਕਿਲੋ ਹੈਰੋਇਨ ਸਮੇਤ ਇੱਕ ਕਾਬੂ

0
305

ਜਗਰਾਂਉ, 21 ਜਨਵਰੀ (ਸੀ ਐਨ ਆਈ )-ਲੁਧਿਆਣਾ (ਦਿਹਾਤੀ) ਪੁਲਿਸ ਨੇ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਇੱਕ ਤਸਕਰ ਨੂੰ 2 ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸੰੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜਿੱਲ੍ਹਾ ਪੁਲਿਸ ਮੁੱਖੀ ਸ੍ਰ. ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਪਾਰਟੀ ਨੇ ਮਲਕ ਚੌਕ, ਜਗਰਾਂਉ ਨਜ਼ਦੀਕ ਡਰੇਨ ‘ਤੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਚਿੱਟੇ ਰੰਗ ਦੀ ਬਰੇਜ਼ਾ ਕਾਰ (ਨੰਬਰ ਪੀ. ਬੀ. 10 ਜੀ ਐੱਲ 7401) ਪਿੰਡ ਮਲਕ ਦੀ ਤਰਫੋਂ ਆ ਰਹੀ ਸੀ। ਕਾਰ ਦੇ ਚਾਲਕ ਨੇ ਨਾਕਾ ਦੇਖ ਕੇ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਮੁਸ਼ਤੈਦੀ ਦੀ ਵਰਤੋਂ ਕਰਦਿਆਂ ਕਾਰ ਅਤੇ ਚਾਲਕ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮੁਕੰਦਪੁਰ ਥਾਣਾ ਡੇਹਲੋਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਕਾਰ ਦੀ ਡਰਾਈਵਰ ਵਾਲੀ ਸੀਟ ਦੇ ਹੇਠੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਮੁੱਢਲੀ ਜਾਣਕਾਰੀ ਦੌਰਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 1988 ਤੋਂ ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿੱਚ ਰਹਿ ਰਿਹਾ ਹੈ ਅਤੇ ਅਕਸਰ ਇੰਡੀਆ ਚੱਕਰ ਲਗਾਉਣ ਵੇਲੇ ਹੈਰੋਇਨ ਦੀ ਤਸਕਰੀ ਕਰਦਾ ਸੀ। ਸਾਲ 2016 ਵਿੱਚ ਉਹ ਤਸਕਰੀ ਦੇ ਚੱਕਰ ਵਿੱਚ ਆਪਣੇ ਸਾਥੀਆਂ ਮੁਹੰਮਦ ਰਫੀਕ, ਮੁਹੰਮਦ ਸੈਫ਼ ਅਤੇ ਨਾਸੀਰ ਅਹਿਮਦ ਸਮੇਤ ਜੰਮੂ ਕਸ਼ਮੀਰ ਪੁਲਿਸ ਦੇ ਅੜਿੱਕੇ ਵੀ ਆ ਗਿਆ ਸੀ ਤੇ ਉਹਨਾਂ ਖ਼ਿਲਾਫ਼ ਗੰਗਿਆਲ ਵਿਖੇ ਮਾਮਲਾ ਦਰਜ ਹੋ ਗਿਆ ਸੀ। ਇਸ ਮਾਮਲੇ ਵਿੱਚ ਜ਼ਮਾਨਤ ਮਿਲਣ ਉਪਰੰਤ ਵੀ ਉਹ ਇਹ ਤਸਕਰੀ ਤੋਂ ਨਹੀਂ ਹਟਿਆ। ਉਸਨੇ ਦੱਸਿਆ ਕਿ ਉਸਨੇ ਇਹ ਹੈਰੋਇਨ ਜੰਮੂ ਕਸ਼ਮੀਰ ਤੋਂ ਲਿਆਂਦੀ ਹੈ ਅਤੇ ਉਹ ਇਸ ਨੂੰ ਅੱਗੇ ਸਪਲਾਈ ਕਰਨ ਜਾ ਰਿਹਾ ਸੀ। ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰ. ਸੁਰਜੀਤ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਲੁਧਿਆਣਾ (ਦਿਹਾਤੀ) ਪੁਲਿਸ ਨੇ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਜੰਮੂ ਕਸ਼ਮੀਰ ਰਸਤੇ ਅਜਿਹੀ ਸਪਲਾਈ ਨੂੰ ਸੱਟ ਮਾਰੀ ਸੀ।