ਲੁਧਿਆਣਾ ਦਾ ਕੇਸ਼ਵ ਠਾਕੁਰ ਚੁਣਿਆ ਦੇਸ਼ ਦਾ ਆਲ ਰਾਊਂਡ ਤੀਜਾ ਸਰਬੋਤਮ ਜਿਮਨਾਸਟ ,ਪੰਜਾਬ ਦੀ ਟੀਮ ਰਹੀ ਤੀਜੇ ਸਥਾਨ ਤੇ,

0
330

ਲੁਧਿਆਣਾ, 23 ਨਵੰਬਰ (ਸੀ ਐਨ ਆਈ )-63ਵੀਂਆਂ ਰਾਸ਼ਟਰੀ ਸਕੂਲਾਂ ਖੇਡਾਂ, ਜੋ ਕਿ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਹੋਈਆਂ, ਵਿੱਚ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦਾ ਜਿਮਨਾਸਟ ਕੇਸ਼ਵ ਠਾਕੁਰ ਦੇਸ਼ ਦਾ ਆਲ ਰਾਊਂਡ ਤੀਜਾ ਸਰਬੋਤਮ ਜਿਮਨਾਸਟ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਇਸ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਓਵਰਆਲ ਤੀਜੇ ਸਥਾਨ ‘ਤੇ ਰਹੀ ਹੈ।
ਇਸ ਸੰਬੰਧੀ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦੇ ਕੋਚ ਸ੍ਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਪੰਜਾਬ ਵੱਲੋਂ ਭਾਗ ਲੈਣ ਵਾਲੇ ਜਿਮਨਾਸਟ ਖ਼ਿਡਾਰੀਆਂ ਵਿੱਚ ਇਸ ਕੋਚਿੰਗ ਸੈਂਟਰ ਦੇ ਕੇਸ਼ਵ ਠਾਕੁਰ ਅਤੇ ਵਿਨੋਦ ਭੱਟ ਅੰਤਰ-19 (ਲੜਕੇ) ਵਰਗ ਵਿੱਚ ਅਤੇ ਖ਼ਿਡਾਰਨ ਮੰਜੂ ਸ਼ਰਮਾ ਅੰਤਰ-19 (ਲੜਕੀਆਂ) ਵਰਗ ਵਿੱਚ ਸ਼ਾਮਿਲ ਸਨ। ਇਸ ਤੋਂ ਇਲਾਵਾ ਪੰਜਾਬ ਦੀ ਟੀਮ ਵਿੱਚ ਖੰਨਾ ਨਾਲ ਸੰਬੰਧਤ ਕ੍ਰਿਸ਼ਨ ਕੁਮਾਰ ਦੀ ਵੀ ਚੋਣ ਹੋਈ ਸੀ। ਇਨਾ ਮੁਕਾਬਲਿਆਂ ਵਿੱਚ ਜਿੱਥੇ ਪੰਜਾਬ ਦੀ ਟੀਮ ਰਾਸ਼ਟਰੀ ਪੱਧਰ ‘ਤੇ ਤੀਜੇ ਨੰਬਰ ‘ਤੇ ਰਹੀ, ਉਥੇ ਹੀ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦਾ ਜਿਮਨਾਸਟ ਕੇਸ਼ਵ ਠਾਕੁਰ ਦੇਸ਼ ਦਾ ਆਲ ਰਾਊਂਡ ਤੀਜਾ ਸਰਬੋਤਮ ਜਿਮਨਾਸਟ ਚੁਣਿਆ ਗਿਆ। ਕੇਸ਼ਵ ਠਾਕੁਰ ਨੇ ਅੰਤਰ-19 ਵਰਗ ਵਿੱਚ ਚਾਰ ਕਾਂਸੀ ਦੇ ਤਮਗੇ ਜਿੱਤੇ ਜਦਕਿ ਸੈਂਟਰ ਦੇ ਹੋਰ ਜਿਮਨਾਸਟ ਵਿਨੋਦ ਭੱਟ ਚੇਤਰੀ ਨੇ ਇਸੇ ਉਮਰ ਵਰਗ ਦੇ ਟੀਮ ਵਰਗ ਵਿੱਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ।
ਇਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰਦਾਸਪੁਰ ਵਿਖੇ ਆਯੋਜਿਤ ਕੀਤੀਆਂ ਗਈਆਂ 63ਵੀਂਆਂ ਪੰਜਾਬ ਰਾਜ ਸਕੂਲ ਖੇਡਾਂ-2017 ਵਿੱਚ ਵੀ ਜਿਲਾ ਲੁਧਿਆਣਾ ਦੇ ਜਿਮਨਾਸਟ ਖ਼ਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ ਦਾ ਲੋਹਾ ਮਨਵਾਉਂਦਿਆਂ ਜਿੱਥੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ, ਉਥੇ ਹੀ ਹੋਰ ਖ਼ਿਡਾਰੀਆਂ ਨੇ ਵੀ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ, ਕੋਚ, ਅਕਾਦਮੀਆਂ, ਮਾਪਿਆਂ ਅਤੇ ਜ਼ਿਲ•ੇ ਦਾ ਨਾਮ ਰੋਸ਼ਨ ਕੀਤਾ ਸੀ।
ਇਸ ਤੋਂ ਪਹਿਲਾਂ ਸੂਬਾ ਪੱਧਰੀ ਖੇਡਾਂ ਵਿੱਚ ਵੀ ਜਿਲਾ ਲੁਧਿਆਣਾ ਦੀ ਅੰਤਰ-19 ਲੜਕਿਆਂ ਦੀ ਟੀਮ ਨੇ ਟੀਮ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਖ਼ਿਡਾਰੀ ਕੇਸ਼ਵ ਠਾਕੁਰ ਨੇ 8 ਸੋਨ ਤਮਗੇ ਪ੍ਰਾਪਤ ਕਰਕੇ ਆਲ ਰਾਊਂਡ ਬੈਸਟ ਜਿਮਨਾਸਟ ਆਫ਼ ਪੰਜਾਬ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ। ਇਸ ਤੋਂ ਇਲਾਵਾ ਅੰਤਰ-19 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ ਸੀ। ਕੋਚ ਸ੍ਰੀ ਪ੍ਰੇਮ ਸਿੰਘ ਨੇ ਖ਼ਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।