ਰਾਸ਼ਟਰੀ ਸਕੂਲ ਖੇਡਾਂ ਲਈ ਸ਼ਹਿਰ ਲੁਧਿਆਣਾ ਦੇ ਤਿੰਨ ਜਿਮਨਾਸਟ ਖ਼ਿਡਾਰੀਆਂ ਦੀ ਚੋਣ -ਕੋਲਕਾਤਾ ਵਿਖੇ ਪੰਜਾਬ ਦੀ ਕਰਨਗੇ ਪ੍ਰਤੀਨਿਧਤਾ

0
824

ਲੁਧਿਆਣਾ, 16 ਨਵੰਬਰ (ਸੀ ਐਨ ਆਈ )-63ਵੀਂਆਂ ਰਾਸ਼ਟਰੀ ਸਕੂਲਾਂ ਖੇਡਾਂ, ਜੋ ਕਿ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਹੋ ਰਹੀਆਂ ਹਨ, ਵਿੱਚ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦੇ ਤਿੰਨ ਜਿਮਨਾਸਟ ਭਾਗ ਲੈਣ ਲਈ ਚੁਣੇ ਗਏ ਹਨ, ਜੋ ਕਿ ਸ਼ਹਿਰ ਲੁਧਿਆਣਾ ਲਈ ਬੜੇ ਮਾਣ ਵਾਲੀ ਗੱਲ ਹੈ।
ਇਸ ਸੰਬੰਧੀ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦੇ ਕੋਚ ਸ੍ਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਪੰਜਾਬ ਵੱਲੋਂ ਭਾਗ ਲੈਣ ਵਾਲੇ ਜਿਮਨਾਸਟ ਖ਼ਿਡਾਰੀਆਂ ਵਿੱਚ ਇਸ ਕੋਚਿੰਗ ਸੈਂਟਰ ਦੇ ਕੇਸ਼ਵ ਠਾਕੁਰ ਅਤੇ ਵਿਨੋਦ ਭੱਟ ਅੰਤਰ-19 (ਲੜਕੇ) ਵਰਗ ਵਿੱਚ ਅਤੇ ਖ਼ਿਡਾਰਨ ਮੰਜੂ ਸ਼ਰਮਾ ਅੰਤਰ-19 (ਲੜਕੀਆਂ) ਵਰਗ ਵਿੱਚ ਭਾਗ ਲੈ ਕੇ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਇਸ ਤੋਂ ਇਲਾਵਾ ਪੰਜਾਬ ਦੀ ਟੀਮ ਵਿੱਚ ਖੰਨਾ ਨਾਲ ਸੰਬੰਧਤ ਕ੍ਰਿਸ਼ਨ ਕੁਮਾਰ ਦੀ ਵੀ ਚੋਣ ਹੋਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰਦਾਸਪੁਰ ਵਿਖੇ ਆਯੋਜਿਤ ਕੀਤੀਆਂ ਗਈਆਂ 63ਵੀਂਆਂ ਪੰਜਾਬ ਰਾਜ ਸਕੂਲ ਖੇਡਾਂ-2017 ਵਿੱਚ ਜਿਲਾ ਲੁਧਿਆਣਾ ਦੇ ਜਿਮਨਾਸਟ ਖ਼ਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ ਦਾ ਲੋਹਾ ਮਨਵਾਉਂਦਿਆਂ ਜਿੱਥੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ, ਉਥੇ ਹੀ ਹੋਰ ਖ਼ਿਡਾਰੀਆਂ ਨੇ ਵੀ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ, ਕੋਚ, ਅਕਾਦਮੀਆਂ, ਮਾਪਿਆਂ ਅਤੇ ਜਿਲੇ ਦਾ ਨਾਮ ਰੋਸ਼ਨ ਕੀਤਾ ਸੀ।
ਇਨਾ ਖੇਡਾਂ ਵਿੱਚ ਜਿਲਾ ਲੁਧਿਆਣਾ ਦੀ ਅੰਤਰ-19 ਲੜਕਿਆਂ ਦੀ ਟੀਮ ਨੇ ਟੀਮ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਇਸ ਅਕਾਦਮੀ ਦੇ ਖ਼ਿਡਾਰੀ ਕੇਸ਼ਵ ਠਾਕੁਰ ਨੇ 8 ਸੋਨ ਤਮਗੇ ਪ੍ਰਾਪਤ ਕਰਕੇ ਆਲ ਰਾਊਂਡ ਬੈਸਟ ਜਿਮਨਾਸਟ ਆਫ਼ ਪੰਜਾਬ ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਅੰਤਰ-19 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਕੋਚ ਸ੍ਰੀ ਪ੍ਰੇਮ ਸਿੰਘ ਨੇ ਖ਼ਿਡਾਰੀਆਂ ਨੂੰ ਉਨਾਂ ਦੀਆਂ ਪ੍ਰਾਪਤੀਆਂ ‘ਤੇ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।